Tuesday, 5 April 2011

"ਕੀਮਤ"

ਕੀ ਇਨਾ ਈ
ਸੌਖਾ ਹੁੰਦੈ ਤੋੜਣਾ
ਦਿਲਾਂ ਦੀ ਸਾਂਝ ਨੂੰ,
ਦਿਨਾ 'ਚ' ਹੀ
ਬਦਲ ਜਾਂਦੇ ਨੇ
ਰਿਸ਼ਤਿਆਂ ਦੇ ਅਰਥ,
ਅੱਖੀਆਂ 'ਚ'
ਵਸਦਾ ਚਹਿਰਾ
ਲੱਗਣ ਲਗਦੈ
ਓਪਰਾ ਜਿਹਾ,
ਬੀਤੇ ਪਲਾਂ ਦੀਆਂ
ਯਾਦਾਂ ਨੂੰ ਵੇਖ
ਭੇੜ ਲਿਆ ਜਾਂਦੈ
ਦਿੱਲ ਦੇ ਬਾਰ ਨੂੰ, 'ਤੇ
ਪਵਿਤੱਰ ਪਿਆਰ
ਮੁੜਦੈ ਖਾਲੀ ਹੱਥ
ਓਸ ਖੁਦਾ(ਯਾਰ) ਦੇ ਦਰ ਤੋਂ,
ਸੱਚੀਂ...
ਇਨਾ ਈ ਸੌਖਾ ਹੁੰਦੈ
ਇਹ ਸਭ,
ਜੇ ਨਹੀਂ, ਤਾਂ
ਕਿੰਨਾ ਕ  ਚਿਰ
ਮਜਬੂਰੀ ਦੀ ਬੁੱਕਲ ਮਾਰ
ਲਕੋਂਦੀ ਰਹੇਂਗੀ
ਸੱਧਰਾਂ ਤੇ ਚਾਵਾਂ ਨੂੰ,
ਹੰਝੂ, ਕਿੰਨਾ ਕ ਲਕੋਣਗੇ
ਆਵਦੇ ਆਪ ਨੂੰ
ਹਾਸਿਆਂ ਦੀ
ਕੰਧ ਓਹਲੇ,
ਸਮੇਂ ਨਾਲੋਂ ਕਾਹਲੇ
ਕਦਮਾ ਨੂੰ
ਕਦੇ ਰੋਕ ਤਾਂ ਸਹੀ, 'ਤੇ
ਗੌਰ ਨਾਲ ਵੇਖੀ
ਮੇਰੀ ਕਲਮ ਦੀਆਂ ਪੈੜਾਂ ਨੂੰ,
ਸ਼ਾਇਦ, ਇਹ ਅੱਜ ਵੀ
ਲਭਦੀਆਂ ਨੇ
ਓਸੇ ਸਰਨਾਵੇਂ ਨੂੰ,
ਸ਼ੋਹ ਕੇ ਵੇਖੀਂ ਕਦੇ
ਅੱਖਰਾਂ ਦੇ ਕੋਸੇ ਹੰਝੂਆਂ ਨੂੰ,
ਹੋਉਗਾ, ਤੈਨੂੰ ਵੀ ਅਹਿਸਾਸ
ਵਿਛੋੜੇ ਦੀ
ਤਪਸ਼ ਦਾ,
ਵੇਖੀਂ ਤਾਂ ਸਹੀ
ਮੇਰੇ ਗੀਤਾਂ ਦੀਆਂ
ਅੱਖਾਂ 'ਚ' ਅੱਖਾਂ ਪਾ,
ਝੱਲੇ ਅੱਜ ਵੀ
ਪਤਾ ਨੀ ਕਿਉਂ
ਮੰਗਦੇ ਨੇ ਤੇਰੀ ਹੀ ਖੁਸ਼ੀ
ਦੇਖਣਾ ਲੋਚਦੇ ਨੇ
ਤੇਰੇ ਮੁੱਖ ਤੇ
ਖੇੜਿਆਂ ਦੀ ਰੌਣਕ ਨੂੰ
ਜੀਹਦੀ ਕੀਮਤ ਤਾਂ
ਮੇਰੀ ਜਿੰਦ ਤੋਂ ਵੀ
ਕਿਤੇ ਵੱਧ ਐ
ਕਿਤੇ ਵੱਧ ਐ........

ਹਰਸਿਮਰਨਜੀਤ ਸਿੰਘ (ਢੁੱਡੀਕੇ)